ਪ੍ਰੈਸ ਨੋਟ / ਘੋਸ਼ਣਾਵਾਂ ਪ੍ਰੈਸ ਨੋਟ / ਘੋਸ਼ਣਾਵਾਂ

ਮਿਜ਼ਲਜ਼-ਰੂਬੈਲਾ ਤਹਿਤ 20 ਲੱਖ ਬੱਚਿਆਂ ਦਾ ਹੋਇਆ ਟੀਕਾਕਰਨ : ਬ੍ਰਹਮ ਮਹਿੰਦਰਾ
  • ਲੋਕਾਂ ਨੂੰ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਕਾਮਯਾਬ ਕਰਨ ਲਈ ਪ੍ਰੇਰਿਆ

ਚੰਡੀਗੜ੍ਹ, 15 ਮਈ

         ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਵਿੱਚ ਚੱਲ ਰਹੀ ਮਿਜ਼ਲਜ਼-ਰੂਬੈਲਾ ਮੁਹਿੰਮ ਨੂੰ ਵਾਧਾ ਮਿਲਿਆ ਹੈ ਕਿ ਹੁਣ ਤੱਕ 20 ਲੱਖ ਬੱਚੇ ਟੀਕਾਕਰਨ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜ ਵਿੱਚ ਇਸ ਮੁਹਿੰਮ ਨੂੰ ਅੱਗੇ ਵਧਾਉਣ ਵਿੱਚ ਸਰਕਾਰੀ ਸਕੂਲਾਂ ਦੇ ਨਾਲ ਨਾਲ ਵੱਡੇ ਪ੍ਰਾਈਵੇਟ ਸਕੂਲਾਂ ਨੇ ਭਰਪੂਰ ਸਹਿਯੋਗ ਦਿੱਤਾ ਹੈ, ਜਿਥੇ 100 ਪ੍ਰਤੀਸ਼ਤ ਟੀਕਾਕਰਨ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਪ੍ਰਾਈਵੇਟ ਸਕੂਲ ਮੈਨੇਜਮੈਂਟ ਦੀ ਪ੍ਰਸ਼ੰਸਾ ਕੀਤੀ ਹੈ ਕਿ ਉਨ੍ਹਾਂ ਨੇ ਆਪਣੇ ਸਕੂਲਾਂ ਵਿੱਚ ਸੰਪੂਰਣ ਕਵਰੇਜ ਕਰਵਾਈ ਹੈ ਅਤੇ ਹੋਰ ਸਕੂਲਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸਕੂਲਾਂ ਤੋਂ ਪ੍ਰੇਰਣਾ ਲੈ ਕੇ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕਰਨ।

ਉਨ੍ਹਾਂ ਨੇ ਦੱਸਿਆ ਕਿ ਸਕੂਲੀ ਅਧਿਆਪਕਾਂ ਤੇ ਖਾਸ ਤੌਰ ਤੇ ਪ੍ਰਾਈਵੇਟ ਸਕੂਲਾਂ ਦੀ ਮਦਦ ਨਾਲ ਜ਼ਿਲ੍ਹਿਆਂ ਨੇ 50 ਪ੍ਰਤੀਸ਼ਤ ਤੋਂ ਉਪਰ ਟਾਰਗੇਟ ਪੂਰੇ ਕੀਤੇ ਹਨ, ਜਿਸ ਵਿੱਚ ਰੋਪੜ ਨੇ 65 ਪ੍ਰਤੀਸ਼ਤ ਅਤੇ ਪਠਾਨਕੋਟ ਨੇ 55 ਪ੍ਰਤੀਸ਼ਤ ਟਾਰਗੇਟ ਪੂਰੇ ਕਰ ਲਏ ਹਨ।

ਉਨ੍ਹਾਂ ਨੇ ਸਿਹਤ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਤਵੱਜੋ ਦਿੱਤੀ ਜਾਵੇ, ਜਿਥੇ ਜਲਦੀ ਛੁੱਟੀਆਂ ਹੋ ਰਹੀਆਂ ਹਨ, ਤਾਂ ਕਿ 100 ਪ੍ਰਤੀਸ਼ਤ ਟਾਰਗੇਟ ਸਮੇਂ ਸਿਰ ਪੂਰਾ ਕੀਤਾ ਜਾ ਸਕੇ।

ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਬੱਚਿਆਂ ਦੇ ਮਾਪਿਆਂ ਨੂੰ ਟੀਕਾਕਰਨ ਬਾਰੇ ਜਾਣਕਾਰੀ ਦੇ ਕੇ ਆਪ ਮੁਹਾਰੇ ਹੋ ਕੇ ਮੁਹਿੰਮ ਨੂੰ ਸਫਲ ਬਣਾਉਣ ਅਤੇ ਆਪਣੇ ਸਕੂਲ ਦੇ ਹਰੇਕ ਬੱਚੇ ਦਾ ਟੀਕਾਕਰਨ ਕਰਵਾਉਣ ਯਕੀਨੀ ਬਣਾਉਣ। ਜੇਕਰ ਸਿਹਤ ਵਿਭਾਗ ਦੀ ਸਹਾਇਤਾ ਦੀ ਜ਼ਰੂਰਤ ਹੈ ਤਾਂ ਸਿਹਤ ਵਿਭਾਗ ਟੀਮ ਬੱਚਿਆਂ ਦੇ ਮਾਪਿਆਂ ਨੂੰ ਤਕਨੀਕੀ ਜਾਣਕਾਰੀ ਦੇਣ ਅਤੇ ਸ਼ੰਕਾਵਾਂ ਨੂੰ ਦੂਰ ਕਰਨ ਲਈ ਹਮੇਸ਼ਾ ਤਿਆਰ ਹੈ।

ਉਨ੍ਹਾਂ ਦੱਸਿਆ ਕਿ ਲੋਕਾਂ ਵਿੱਚ ਜਾਗਰੂਤਾ ਵਧਾਉਣ ਲਈ ਅਤੇ ਗਲਤ ਅਫ਼ਵਾਹਾਂ ਬਾਰੇ ਸ਼ੰਕਾਵਾਂ ਨੂੰ ਦੂਰ ਕਰਨ ਲਈ ਪਬਲੀਸਿਟੀ ਵੈਨ ਚਲਾਈਆਂ ਜਾ ਰਹੀ ਹਨ, ਜਿਸ ਵਿੱਚ ਐਮਆਰ ਟੀਕਾਕਰਨ ਬਾਰੇ ਪ੍ਰਮੁੱਖ ਹਸਤੀਆਂ ਤੇ ਤਕਨੀਕੀ ਮਾਹਿਰਾਂ ਦੁਆਰਾ ਦਿੱਤੇ ਸੰਦੇਸ਼ ਲੋਕਾਂ ਤੱਕ ਪਹੁੰਚਾਏ ਜਾਣਗੇ।