ਪ੍ਰੈਸ ਨੋਟ / ਘੋਸ਼ਣਾਵਾਂ ਪ੍ਰੈਸ ਨੋਟ / ਘੋਸ਼ਣਾਵਾਂ

ਖੁਰਾਕ ਤੇ ਸਪਲਾਈ ਮੰਤਰੀ ਵੱਲੋਂ ਡਿਫਾਲਟਰਾਂ ਖਿਲਾਫ ਕਰੜੀ ਕਾਰਵਾਈ; 2 ਮਿੱਲਰਾਂ ਖਿਲਾਫ ਐਫ.ਆਈ.ਆਰ ਦੇ ਹੁਕਮ, 3 ਪਨਸਪ ਮੁਲਾਜ਼ਮ ਮੁਅੱਤਲ
  • ਅਚਨਚੇਤ ਚੈਕਿੰਗ 'ਚ 12 ਕਰੋੜ ਰੁਪਏ ਦੇ ਝੋਨੇ ਦੇ ਸਟਾਕ 'ਚ ਪਾਇਆ ਗਬਨ

ਚੰਡੀਗੜ੍ਹ, 15 ਮਈ:

ਡਿਫਾਲਟਰਾਂ ਉੱਤੇ ਕਰੜੀ ਕਾਰਵਾਈ ਕਰਦੇ ਹੋਏ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ 2 ਮਿੱਲਰਾਂ ਖਿਲਾਫ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ ਜਿਹਨਾਂ ਨੂੰ 12 ਕਰੋੜ ਰੁਪਏ ਦੇ ਝੋਨੇ ਦੇ ਸਟਾਕ ਦੇ ਗਬਨ ਵਿੱਚ ਸ਼ਾਮਲ ਪਾਇਆ ਗਿਆ। ਇਸ ਤੋਂ ਇਲਾਵਾ ਖੁਰਾਕ ਤੇ ਸਪਲਾਈ ਮੰਤਰੀ ਵੱਲੋਂ ਪਨਸਪ ਦੇ 3 ਮੁਲਾਜ਼ਮਾਂ ਨੂੰ ਆਪਣੇ ਫਰਜ ਨਿਭਾਉਣ ਵਿੱਚ ਕੁਤਾਹੀ ਕਰਨ ਕਰਕੇ ਮੁਅੱਤਲ ਕੀਤਾ ਗਿਆ ਹੈ।

ਅੱਜ ਜਾਰੀ ਇਕ ਬਿਆਨ ਵਿੱਚ ਖੁਰਾਕ ਤੇ ਸਪਲਾਈ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਕੌਮੀ ਵਸੀਲਿਆਂ ਵਿੱਚ ਬੇਨਿਆਮੀਆਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆਪਣੇ ਫਰਜ ਨਿਭਾਉਣ ਵਿੱਚ ਵਿਖਾਈ ਗਈ ਕੁਤਾਹੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿਭਾਗ ਵੱਲੋਂ ਪਨਸਪ ਦੇ ਫਰੀਦਕੋਟ/ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਇੰਚਾਰਜ ਅੰਮ੍ਰਿਤਪਾਲ ਸਿੰਘ, ਪੀ.ਡੀ.ਸੀ. ਫਰੀਦਕੋਟ ਹੰਸਾ ਸਿੰਘ ਅਤੇ ਇੰਸਪੈਕਟਰ, ਮਲੋਟ ਗੁਰਦੀਪ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਐਵਰੈਸਟ ਰਾਈਸ ਇੰਡਸਟ੍ਰੀਜ਼ ਫਰੀਦਕੋਟ (ਮਾਲਕ-ਮਲਕੀਅਤ ਸਿੰਘ) ਅਤੇ ਮੈਸਰਜ਼ ਅਮਾਇਰਾ ਫੂਡਜ਼ ਪ੍ਰਾਈਵੇਟ ਲਿਮ. ਲੰਬੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (ਮਾਲਕ-ਰਾਜਵੀਰ ਸਿੰਘ ਅਤੇ ਸਤਵੀਰ ਸ਼ਰਮਾ) ਵਿੱਚ ਪਾਏ ਗਏ ਝੋਨੇ ਦੇ ਘੱਟ ਸਟਾਕ, ਜੋ ਕਿ ਚੌਲਾਂ ਦੇ 96 ਵੈਗਨਾਂ ਦੇ ਬਰਾਬਰ ਹੈ ਅਤੇ ਤਕਰੀਬਨ 7.20 ਕਰੋੜ ਰੁਪਏ ਦੀ ਕੀਮਤ ਵਾਲਾ ਹੈ ਤੇ ਚੌਲਾਂ ਦੇ 63 ਵੈਗਨ ਜੋ ਕਿ 4.72 ਕਰੋੜ ਦੇ ਕਰੀਬ ਕੀਮਤ ਦੇ ਹਨ, ਸਬੰਧੀ ਵੱਡਾ ਜੁਰਮਾਨਾ ਆਇਦ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਟਾਕ ਵਿੱਚ ਇਹ ਘਾਟਾ ਜੀ.ਐਮ. ( ਪ੍ਰੋਕਿਓਰਮੈਂਟ ) ਦੀ ਅਗਵਾਈ ਤਹਿਤ ਮੁੱਖ ਦਫਤਰ ਦੀ ਇਕ ਟੀਮ ਵੱਲੋਂ ਸਟਾਕ ਦੀ ਅਚਨਚੇਤ ਚੈਕਿੰਗ ਦੌਰਾਨ ਸਾਹਮਣੇ ਆਇਆ ਸੀ।

ਨੁਕਸਾਨ ਦੀ ਭਰਪਾਈ ਲਈ ਮਿੱਲਰਾਂ ਦੇ ਚੈੱਕ ਕਲੀਅਰੈਂਸ ਲਈ ਬੈਂਕਾਂ ਨੂੰ ਦੇ ਦਿੱਤੇ ਗਏ ਹਨ। ਪਨਸਪ ਦੇ ਹਿੱਤਾਂ ਦੀ ਰਾਖੀ ਲਈ ਤਕਰੀਬਨ 8 ਕਰੋੜ ਦੀਆਂ ਜਾਇਦਾਦਾਂ ਉੱਤੇ ਨਿਸ਼ਾਨਦੇਹੀ ਕਰਕੇ ਰਕਮ ਵਸੂਲੀ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੋਵਾਂ ਮਿੱਲਰਾਂ ਖਿਲਾਫ ਐਫ.ਆਈ.ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।