ਪ੍ਰੈਸ ਨੋਟ / ਘੋਸ਼ਣਾਵਾਂ ਪ੍ਰੈਸ ਨੋਟ / ਘੋਸ਼ਣਾਵਾਂ

ਪੰਜਾਬ ਦੇ ਮੁੱਖ ਮੰਤਰੀ ਵਲੋਂ ਭਾਰਤਮਾਲਾ ਪਰਿਯੋਜਨਾ 'ਚ 13 ਸੜਕੀ ਪ੍ਰੋਜੈਕਟ ਸ਼ਾਮਲ ਕਰਨ ਲਈ ਗਡਕਰੀ ਨੂੰ ਪੱਤਰ
  • 7 ਨਵੇਂ ਸੜਕੀ ਪ੍ਰੋਜੈਕਟਾਂ ਨੂੰ ਕੌਮੀ ਮਾਰਗ ਐਲਾਣਨ ਦੀ ਮੰਗ

  • ਸੜਕੀ ਸੰਪਰਕ ਨੂੰ ਵਧਾਉਣ ਲਈ ਹੋਰ ਕਦਮ ਚੁੱਕੇ ਜਾਣ ਦਾ ਵੀ ਮੁੱਦਾ ਉਠਾਇਆ

ਚੰਡੀਗੜ੍ਹ, 16 ਮਈ:

      ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਸੜਕੀ ਪ੍ਰੋਜੈਕਟਾਂ ਨੂੰ ਕੌਮੀ ਰਾਜ ਮਾਰਗ ਐਲਾਣਨ ਤੋਂ ਇਲਾਵਾ ਸੂਬੇ ਭਰੇ ਦੇ 13 ਸੜਕੀ ਪ੍ਰੋਜੈਕਟਾਂ ਨੂੰ ਭਾਰਤਮਾਲਾ ਪਰਿਯੋਜਨਾ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ |

ਮੁੱਖ ਮੰਤਰੀ ਨੇ ਸੜਕੀ ਟਰਾਂਸਪੋਰਟ, ਹਾਈਵੇਜ਼ ਅਤੇ ਸ਼ਿਪਿੰਗ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇਕ ਪੱਤਰ ਲਿਖਕੇ ਇਸ ਸਬੰਧ ਵਿਚ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਵਧਿਆ ਸੜਕੀ ਸੰਪਰਕ ਉਪਲਬੱਧ ਹੋਣ ਤੋਂ ਇਲਾਵਾ ਉਨ੍ਹਾਂ ਨੂੰ ਬਿਨਾ ਕਿਸੇ ਅੜਚਨ ਦੇ ਆਉਣ-ਜਾਉਣ ਦੀ ਸੁਵਿਧਾ ਮਿਲ ਸਕੇ |

ਇਹ 13 ਸੜਕੀ ਪ੍ਰੋਜੈਕਟ 436.48 ਕਿਲੋਮੀਟਰ ਲੰਮੇ ਅਤੇ 1737.20 ਕਰੋੜ ਰੁਪਏ ਦੀ ਲਾਗਤ ਦੇ ਹਨ | ਇਨ੍ਹਾਂ ਵਿਚ ਲੁਧਿਆਣਾ-ਹੰਬੜਾਂ-ਸਿਧਵਾਂ ਬੇਟ-ਧਰਮਕੋਟ-ਕੋਟ ਈਸੇ ਖਾਂ (70 ਕਿ.ਮੀ), ਪਾਤੜਾਂ-ਮੂਣਕ (24 ਕਿ.ਮੀ), ਫਿਲੌਰ-ਨਗਰ-ਰਾਹੋਂ (31.50 ਕਿ.ਮੀ), ਮੋਰਿੰਡਾ-ਕੈਨੌਰ–ਰੋਪੜ (18.03 ਕਿ.ਮੀ), ਪਖੋਂ ਕੈਂਚੀਆਂ-ਭਗਤਾ ਭਾਈਕਾ (35 ਕਿ.ਮੀ) ਅਬੋਹਰ-ਹਨੂੰਮਾਨਗੜ੍ਹ (21 ਕਿ.ਮੀ), ਕੌਹਾੜ-ਸਾਹਨੇਵਾਲ-ਡੇਹਲੋਂ-ਪੱਖੋਵਾਲ ਤੋਂ ਦਾਖਾ-ਬਰਨਾਲਾ (63.35 ਕਿ.ਮੀ), ਭਵਾਨੀਗੜ੍ਹ-ਸਮਾਣਾ (23 ਕਿ.ਮੀ), ਸਮਰਾਲਾ-ਪਾਇਲ-ਰਾੜਾ-ਜਗਾੜਾ (40.38 ਕਿ.ਮੀ), ਅੰਮਿ੍ਤਸਰ- ਫਤਹਿਗੜ੍ਹ ਚੂੜੀਆਂ- ਡੇਰਾ ਬਾਬਾ ਨਾਨਕ (45.75 ਕਿ.ਮੀ), ਬਟਾਲਾ-ਕਾਦੀਆਂ (15.50 ਕਿ.ਮੀ) , ਲੰਬੀ-ਗਿੱਦੜਬਾਹਾ (16.75 ਕਿ.ਮੀ) ਅਤੇ ਫਿਰੋਜ਼ਪੁਰ - ਫਰੀਦਕੋਟ 31.22 ਕਿ.ਮੀ ਸ਼ਾਮਲ ਹਨ |

ਜਿਨ੍ਹਾਂ 7 ਸੜਕੀ ਪ੍ਰੋਜੈਕਟਾਂ ਨੂੰ ਨਵੇਂ ਕੌਮੀ ਰਾਜ ਮਾਰਗ ਐਲਾਣਨ ਬਾਰੇ ਮੁੱਖ ਮੰਤਰੀ ਨੇ ਪੱਤਰ ਲਿਖਿਆ ਹੈ ਉਨ੍ਹਾਂ ਵਿੱਚ ਪਟਿਆਲਾ-ਪਾਤੜਾਂ-ਮੂਣਕ (90 ਕਿ.ਮੀ), ਲਾਂਡਰਾਂ-ਸਰਹਿੰਦ (32 ਕਿ.ਮੀ), ਗੁਰਦਾਸਪੁਰ-ਸ੍ਰੀ ਹਰਗੋਬਿੰਦ ਪੁਰ (40 ਕਿ.ਮੀ), ਬਿਆਸ-ਮਹਿਤਾ-ਬਟਾਲਾ (35 ਕਿ.ਮੀ), ਲੁਧਿਆਣਾ-ਮੱਤੇਵਾੜਾ-ਰਾਹੋਂ (23 ਕਿ.ਮੀ), ਕਪੂਰਥਲਾ-ਨਕੋਦਰ-ਨੂਰਮਹਿਲ- ਫਿਲੌਰ (66 ਕਿ.ਮੀ) ਅਤੇ ਕਪੂਰਥਲਾ-ਕਰਤਾਰਪੁਰ-ਕਿਸ਼ਨਗੜ੍ਹ-ਆਦਮਪੁਰ (35 ਕਿ.ਮੀ) ਸ਼ਾਮਲ ਹਨ |

ਮੁੱਖ ਮੰਤਰੀ ਨੇ ਐਨ ਐਚ-64 'ਤੇ ਭਵਾਨੀਗੜ੍ਹ ਕਸਬੇ ਵਿਚ 250 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਪੁਲ ਦੇ ਨਿਰਮਾਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਵੀ ਸ੍ਰੀ ਗਡਕਰੀ ਨੂੰ ਬੇਨਤੀ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਪੁਲ ਆਵਾਜਾਈ ਦੀ ਸਮੱਸਿਆ ਹੱਲ ਕਰੇਗਾ ਅਤੇ ਸੰਘਣੀ ਵਸੋਂ ਵਾਲੇ ਭਵਾਨੀਗੜ੍ਹ ਸ਼ਹਿਰ ਵਿਚ ਸੜਕੀ ਹਾਦਸਿਆਂ ਨੂੰ ਘਟਾਵੇਗਾ | ਉਨ੍ਹਾਂ ਲਿਖਿਆ ਹੈ ਕਿ ਐਨ ਐਚ-64 ਦਾ ਪਟਿਆਲਾ-ਬਠਿੰਡਾ ਸੈਕਸ਼ਨ 176 ਕਿ.ਮੀ ਹੈ, ਨੂੰ ਹਾਲ ਹੀ ਵਿੱਚ ਚਾਰ ਮਾਰਗੀ ਕੀਤਾ ਗਿਆ ਹੈ ਅਤੇ ਇਸ 'ਤੇ ਨੈਸ਼ਨਲ ਹਾਈ ਵੇਜ਼ ਅਥਾਰਟੀ ਆਫ ਇੰਡੀਆ ਵਲੋਂ ਟੋਲ ਇਕੱਤਰ ਕੀਤਾ ਜਾ ਰਿਹਾ ਹੈ |

ਕੈਪਟਨ ਅਮਰਿੰਦਰ ਸਿੰਘ ਨੇ ਲਿਖੇ ਆਪਣੇ ਪੱਤਰ ਵਿਚ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦਾ ਸੰਪਰਕ 800 ਕਰੋੜ ਰੁਪਏ ਦੀ ਲਾਗਤ ਨਾਲ ਆਰਥਿਕ ਗਲਿਆਰੇ ਨਾਲ ਜੋੜਨ ਦਾ ਵੀ ਮੁੱਦਾ ਉਠਾਇਆ | ਕੇਂਦਰ ਸਰਕਾਰ ਭਾਰਤਮਾਲਾ ਪਰਿਯੋਜਨਾ ਦੇ ਹੇਠ ਆਰਥਿਕ ਗਲਿਆਰਿਆਂ, ਅੰਤਰ-ਗਲਿਆਰਿਆਂ ਅਤੇ ਫੀਡਰ ਰੂਟਾਂ ਨੂੰ ਵਿਕਸਤ ਕਰ ਰਹੀ ਹੈ | ਪੰਜਾਬ ਸੂਬੇ ਵਿੱਚ ਅਜ਼ਮੇਰ-ਲੁਧਿਆਣਾ- ਆਰਥਿਕ ਗਲਿਆਰਾ ਜੋ ਮਲੇਰਕੋਟਲਾ-ਸੰਗਰੂਰ-ਸਨਾਮ-ਮੂਣਕ ਵਿਚੋਂ ਦੀ ਗੁਜਰਦਾ ਹੈ, ਨੂੰ ਪ੍ਰਵਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਗਲਿਆਰੇ ਨੂੰ ਮੰਡੀ ਗੋਬਿੰਦਗੜ੍ਹ ਨਾਲ ਜੋੜੇ ਜਾਣ ਨਾਲ ਇਸ ਦੇ ਸਟੀਲ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ | ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਵਾਸਤੇ ਸਿੱਧਾ ਸੰਪਰਕ ਸੰਗਰੂਰ ਦੇ ਨੇੜੇ ਅਮਲੋਹ-ਭਦੌੜ-ਛਿੰਟਾਂਵਾਲਾ-ਭਲਵਾਨ ਫੀਡਰ ਰੂਟ ਨਾਲ ਮੁਹਈਆ ਕਰਵਾਇਆ ਜਾ ਸਕਦਾ ਹੈ |

ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਬਾਈਪਾਸ ਨੇੜੇਓ ਸ਼ੁਰੂ ਹੁੰਦੇ ਜੰਕਸ਼ਨ ਵਿਚ ਵੀ ਸੁਧਾਰ ਲਿਆਉਣ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਇਸ ਵਾਸਤੇ 25 ਕਰੋੜ ਰੁਪਏ ਦੀ ਲਾਗਤ ਨਾਲ ਇਕ ਫਲਾਈਓਵਰ ਦੇ ਨਿਰਮਾਣ ਦੀ ਮੰਗ ਕੀਤੀ ਹੈ, ਤਾਂ ਜੋ ਆਵਾਜਾਈ ਦੀ ਸੱਮਸਿਆ ਨੂੰ ਹੱਲ ਕੀਤਾ ਜਾ ਸਕੇ | ਇਸਦੇ ਨਾਲ ਹੀ ਉਨ੍ਹਾਂ ਨੇ 60 ਕਰੋੜ ਦੀ ਲਾਗਤ ਨਾਲ ਐਨ ਐਚ-64 ਕੌਮੀ ਮਾਰਗ ਦੇ ਸੈਕਸ਼ਨ ਨੂੰ ਵੀ ਮਜ਼ਬੂਤ ਬਣਾਉਣ ਦੀ ਵੀ ਮੰਗ ਉਠਾਈ ਹੈ | ਮੁੱਖ ਮੰਤਰੀ ਨੇ ਸੂਬੇ ਵਿਚ ਨੈਸ਼ਨਲ ਹਾਈ ਵੇਜ਼ ਦੇ ਚਾਰ ਮਾਰਗੀ ਪ੍ਰੋਜੈਕਟ ਲਾਗੂ ਕਰਨ ਦਾ ਕੰਮ ਪੀ.ਡਬਲਯੂ.ਡੀ ਨੂੰ ਦਿੱਤੇ ਜਾਣ ਦੀ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ ਕਿਉਂਕਿ ਇਸ ਕੰਮ ਵਿਚ ਇਸਦਾ ਲੋੜੀਂਦਾ ਤਜਰਬਾ ਹੈ |